Sex and Gender – Yuval Noah Harari Translation in Punjabi Harmanjeet Singh

ਭਾਗ- 2
ਸੈਕਸ ਅਤੇ ਲਿੰਗ – Yuval Noah Harari

ਇਸ ਬਹਿਸ ਵਿੱਚ ਕਿੰਨੀ ਕੁ ਸਿਆਣਪ ਹੈ ਕਿ ਔਰਤਾਂ ਦਾ ਕੁਦਰਤੀ ਕਾਰਜ ਜਨਮ ਦੇਣਾ ਹੈ, ਜਾਂ ਇਹ ਕਿ ਸਮਲਿੰਗਤਾ ਗੈਰ ਕੁਦਰਤੀ ਹੈ। ਮਰਦ ਅਤੇ ਔਰਤ ਨੂੰ ਪਰਿਭਾਸ਼ਤ ਕਰਨ ਵਾਲੇ ਜ਼ਿਆਦਾਤਰ ਕਾਨੂੰਨ, ਨਿਯਮ, ਅਧਿਕਾਰ ਅਤੇ ਜ਼ਿੰਮੇਵਾਰੀਆਂ ਜੀਵ-ਵਿਗਿਆਨਕ (ਬਾਇਓਲੋਜੀਕਲ) ਹਕੀਕਤ ਦੀ ਬਜਾਏ ਮਨੁੱਖੀ ਕਲਪਨਾ ਨੂੰ ਜਿਆਦਾ ਦਰਸਾਉਂਦੀਆਂ ਹਨ ।

ਜੀਵ-ਵਿਗਿਆਨ ਪੱਖੋਂ, ਮਨੁੱਖ ਨਰ ਅਤੇ ਮਾਦਾ ਵਿਚ ਵੰਡੇ ਹੋਏ ਹਨ। ਇਕ ਨਰ ਹੋਮੋ ਸੇਪੀਅਨ ਉਹ ਹੈ ਜਿਸਦਾ ਇਕ ਐਕਸ ਕ੍ਰੋਮੋਸੋਮ ਅਤੇ ਇਕ ਵਾਈ ਕ੍ਰੋਮੋਸੋਮ ਹੈ; ਇਕ ਮਾਦਾ ਕੋਲ ਦੋ ਐਕਸ ਹੈ। ਪਰ ‘ਆਦਮੀ’ ਅਤੇ ’ਔਰਤ ਜੈਵਿਕ (ਬਾਇਓਲੋਜੀਕਲ) ਨਹੀਂ ‘ਸਮਾਜਕ’ ਸ਼੍ਰੇਣੀਆਂ ਹਨ। ਬਹੁਗਿਣਤੀ ਮਨੁੱਖੀ ਸਮਾਜਾਂ ਵਿੱਚ ਬਹੁਤ ਸਾਰੇ ਮਾਮਲਿਆਂ ਵਿੱਚ ਆਦਮੀ ਨਰ ਹੁੰਦੇ ਹਨ ਅਤੇ ਔਰਤਾਂ ਮਾਦਾ, ਸਮਾਜਕ ਪਰਿਭਾਸ਼ਾ ਵਿੱਚ ਇਸਦਾ ਭਾਰੀ ਮਹੱਤਵ ਹੁੰਦਾ ਹੈ ਪਰ ਜਿਸਦਾ ਜੀਵ-ਵਿਗਿਆਨਕ ਪਰਿਭਾਸ਼ਾ ਨਾਲ ਇਸਦਾ ਸੰਬੰਧ ਹਾਸੋਹੀਣਾ ਹੁੰਦਾ ਹੈ, ਜੇ ਕੋਈ ਹੈ ਤਾਂ। ਇੱਕ ਮਰਦ ਦਾ ਮਤਲਬ ਉਹ ਸੈਪੀਅਨ ਨਹੀਂ ਹੁੰਦਾ ਹੈ ਜਿਸਦੇ ਖਾਸ ਜੀਵ-ਵਿਗਿਆਨਕ ਗੁਣਾਂ ਜਿਵੇਂ ਕਿ ਐਕਸਵਾਈ ਕ੍ਰੋਮੋਸੋਮ, ਅੰਡਕੋਸ਼ ਅਤੇ ਬਹੁਤ ਸਾਰੇ ਟੈਸਟੋਸਟੀਰੋਨ ਹੋਣ,ਇਸ ਦੀ ਬਜਾਇ, ਉਹ ਵਿਅਕਤੀ ਹੁੰਦਾ ਹੈ ਜੋ ਆਪਣੇ ਸਮਾਜ ਦੀ ਕਲਪਿਤ ਮਨੁੱਖੀ ਵਿਵਸਥਾ ਦੇ ਇੱਕ ਢਾਂਚੇ ਵਿੱਚ ਫਿਟ ਬੈਠਦਾ ਹੈ। ਉਸਦੇ ਸਭਿਆਚਾਰ ਦਾ ਮਿਥਿਹਾਸ ਉਸਨੂੰ ਵਿਸ਼ੇਸ਼ ਮਰਦਾਨਾ ਭੂਮਿਕਾਵਾਂ (ਰਾਜਨੀਤੀ ਵਿੱਚ ਹਿੱਸਾ ਲੈਣਾ), ਅਧਿਕਾਰ (ਵੋਟਿੰਗ ਵਾਂਗ) ਅਤੇ ਸੇਵਾਵਾਂ (ਜਿਵੇਂ ਮਿਲਟਰੀ ਸੇਵਾ) ਸੌਂਪਦਾ ਹੈ। ਇਸੇ ਤਰ੍ਹਾਂ, ਇਕ ਔਰਤ ਦੋ ਐਕਸ ਕ੍ਰੋਮੋਸੋਮ, ਇਕ ਕੁੱਖ ਅਤੇ ਕਾਫ਼ੀ ਐਸਟ੍ਰੋਜਨ ਵਾਲੀ ਸੈਪੀਅਨ ਨਹੀਂ ਹੈ। ਇਸ ਦੀ ਬਜਾਇ, ਉਹ ਇੱਕ ਕਲਪਿਤ ਮਨੁੱਖੀ ਵਿਵਸਥਾ ਦੀ ਇੱਕ ਮੈਂਬਰ ਹੈ। ਉਸਦੇ ਸਮਾਜ ਦੀਆਂ ਮਿੱਥਾਂ ਉਸ ਦੀਆਂ ਵਿਲੱਖਣ ਭੂਮਿਕਾਵਾਂ (ਬੱਚਿਆਂ ਦੀ ਪਰਵਰਿਸ਼), ਅਧਿਕਾਰ (ਹਿੰਸਾ ਦੇ ਵਿਰੁੱਧ ਸੁਰੱਖਿਆ) ਅਤੇ ਜ਼ਿੰਮੇਵਾਰੀਆਂ (ਉਸਦੇ ਪਤੀ ਦੀ ਆਗਿਆਕਾਰੀ) ਨੂੰ ਨਿਰਧਾਰਤ ਕਰਦੀਆਂ ਹਨ। ਮਿੱਥਾਂ ਮਰਦਾਂ ਅਤੇ ਔਰਤਾਂ ਦੀਆਂ ਭੂਮਿਕਾਵਾਂ, ਅਧਿਕਾਰਾਂ ਅਤੇ ਕਰਤੱਵਾਂ ਨੂੰ ਪਰਿਭਾਸ਼ਤ ਕਰਦੇ ਹਨ, ਇਸ ਲਈ ‘ਮਰਦ ਅਤੇ ‘ਔਰਤ’ ਦੇ ਅਰਥ ਇਕ ਸਮਾਜ ਤੋਂ ਦੂਜੇ ਸਮਾਜ ਵਿਚ ਬਹੁਤ ਵੱਖਰੇ ਹਨ।

ਇਸ ਭੰਬਲਭੂਸੇ ਨੂੰ ਘਟਾਉਣ ਲਈ, ਵਿਦਵਾਨ ਆਮ ਤੌਰ ‘ਤੇ’ ਸੈਕਸ ‘, ਨੂੰ ਇਕ ਜੈਵਿਕ(ਬਾਇਓਲੋਜੀਕਲ) ਸ਼੍ਰੇਣੀ, ਅਤੇ’ ਲਿੰਗ ‘, ਨੂੰ ਇਕ ਸਭਿਆਚਾਰਕ ਸ਼੍ਰੇਣੀ ਦੇ ਤੌਰ ਤੇ ਵੇਖਦੇ ਹਨ। ਲਿੰਗਿਕ ਅਧਾਰ ਤੇ ਮਨੁੱਖ ਨੂੰ ਮਰਦਾਂ ਅਤੇ ਔਰਤਾਂ ਵਿਚ ਵੰਡਿਆ ਗਿਆ ਹੈ, ਅਤੇ ਇਸ ਵਿਭਾਜਨ ਦੀਆਂ ਵਿਸ਼ੇਸ਼ਤਾਵਾਂ ਸਟੀਕ ਤੇ ਸਥਿਰ ਹਨ ਜੋ ਕਿ ਇਤਿਹਾਸ ਵਿਚ ਨਿਰੰਤਰ ਬਣੇ ਹੋਏ ਹਨ। ਲਿੰਗ ਅਧਾਰ ਤੇ ਮਨੁੱਖ ਪੁਰਸ਼ਾਂ ਅਤੇ ਔਰਤਾਂ ਵਿਚਕਾਰ ਵੰਡਿਆ ਹੋਇਆ ਹੈ (ਅਤੇ ਕੁਝ ਸਭਿਆਚਾਰ ਦੂਸਰੀਆਂ ਸ਼੍ਰੇਣੀਆਂ ਨੂੰ ਵੀ ਮਾਨਤਾ ਦਿੰਦੇ ਹਨ)। ਅਖੌਤੀ ‘ਮਰਦਾਨਾ’ ਅਤੇ ‘ਨਾਰੀ’ ਗੁਣ ਅੰਤਰ-ਵਿਅਕਤੀਗਤ (Inter-subjective) ਹਨ ਅਤੇ ਨਿਰੰਤਰ ਤਬਦੀਲੀਆਂ ਵਿੱਚੋਂ ਲੰਘਦੇ ਹਨ। ਉਦਾਹਰਣ ਦੇ ਤੌਰ ਤੇ, ਕਲਾਸੀਕਲ ਐਥਨਜ਼ ਵਿੱਚ ਔਰਤਾਂ ਅਤੇ ਆਧੁਨਿਕ ਐਥਨਜ਼ ਵਿੱਚ ਔਰਤਾਂ ਤੋਂ ਕੀਤੀ ਗਈ ਉਮੀਦ, ਵਿਵਹਾਰ, ਇੱਛਾਵਾਂ, ਪਹਿਰਾਵੇ ਅਤੇ ਸਰੀਰ ਦੇ ਆਸਣ ਵਿੱਚ ਬਹੁਤ ਅੰਤਰ ਹੈ।

ਸੈਕਸ ਨਿਰਧਾਰਿਤ ਕਰਨਾ ਬੱਚਿਆਂ ਦੀ ਖੇਡ ਹੈ; ਪਰ ਲਿੰਗ ਦਾ ਅੰਦਾਜ਼ਾ ਲਗਾਉਣਾ ਗੰਭੀਰ ਤੇ ਕਠਨ ਕਾਰਜ ਹੈ। ਨਰ ਸੈਕਸ ਦਾ ਮੈਂਬਰ ਬਣਨਾ ਵਿਸ਼ਵ ਦੀ ਸਭ ਤੋਂ ਸਰਲ ਚੀਜ਼ ਹੈ। ਤੁਹਾਨੂੰ ਸਿਰਫ ਇਕ ਐਕਸ ਅਤੇ ਇਕ ਵਾਈ ਕ੍ਰੋਮੋਸੋਮ ਨਾਲ ਜਨਮ ਲੈਣ ਦੀ ਜ਼ਰੂਰਤ ਹੈ। ਇਕ ਮਾਦਾ ਬਣਨਾ ਵੀ ਉਨਾ ਹੀ ਅਸਾਨ ਹੈ। ਐਕਸ ਕ੍ਰੋਮੋਸੋਮ ਦੀ ਇੱਕ ਜੋੜੀ ਇਹ ਕਰੇਗੀ। ਇਸਦੇ ਉਲਟ, ਆਦਮੀ ਜਾਂ ਔਰਤ ਬਣਨਾ ਇੱਕ ਬਹੁਤ ਗੁੰਝਲਦਾਰ ਅਤੇ ਮਿਹਨਤ ਵਾਲਾ ਕੰਮ ਹੈ, ਕਿਉਂਕਿ ਜ਼ਿਆਦਾਤਰ ਮਰਦਾਨਾ ਅਤੇ ਨਾਰੀ ਗੁਣ ਜੀਵ-ਵਿਗਿਆਨ ਦੀ ਬਜਾਏ ਸਭਿਆਚਾਰਕ ਹੁੰਦੇ ਹਨ, ਕੋਈ ਵੀ ਸਮਾਜ ਆਪਣੇ ਆਪ ਹਰ ਨਰ ਨੂੰ ਮਰਦ , ਜਾਂ ਹਰੇਕ ਮਾਦਾ ਨੂੰ ਔਰਤ ਹੋਣ ਦਾ ਅਵਸਰ ਨਹੀਂ ਦਿੰਦਾ। ਨਾ ਹੀ ਇਹ ਕੋਈ ਖਿਤਾਬ ਜਾਂ ਮਾਣ ਸਨਮਾਨ ਵਰਗੀ ਕੋਈ ਚੀਜ਼ ਹੈ, ਜੋ ਇੱਕੋ ਵਾਰ ਪ੍ਰਾਪਤ ਕੀਤਾ ਜਾ ਸਕੇ। ਪੁਰਸ਼ਾਂ ਨੂੰ ਆਪਣੀ ਪੂਰੀ ਜ਼ਿੰਦਗੀ, ਪੰਘੂੜੇ ਤੋਂ ਲੈ ਕੇ ਕਬਰ ਤੱਕ, ਆਪਣੀ ਮਰਦਾਨਗੀ ਵਿਭਿੰਨ ਰਸਮਾਂ ਅਤੇ ਪ੍ਰਦਰਸ਼ਨਾਂ ਰਾਹੀ ਨਿਰੰਤਰ ਸਾਬਤ ਕਰਨੀ ਪੈਂਦੀ ਹੈ। ਔਰਤ ਦਾ ਕੰਮ ਵੀ ਕਦੇ ਨਹੀਂ ਮੁੱਕਦਾ – ਉਸਨੂੰ ਆਪਣੇ ਆਪ ਨੂੰ ਅਤੇ ਦੂਜਿਆਂ ਨੂੰ ਲਗਾਤਾਰ ਯਕੀਨ ਦਿਵਾਉਣਾ ਪੈਂਦਾਂ ਹੈ ਕਿ ਉਹਦੇ ਵਿੱਚ ਲੋੜੀਂਦੇ ਨਾਰੀ ਵਾਲੇ ਗੁਣ ਹਨ।

ਸਫਲਤਾ ਦੀ ਕੋਈ ਗਰੰਟੀ ਨਹੀਂ ਹੈ। ਖ਼ਾਸਕਰ ਆਦਮੀ ਆਪਣੇ ਮਰਦ ਹੋਣ ਦਾ ਦਾਅਵਾ ਗੁਆਉਣ ਦੇ ਨਿਰੰਤਰ ਡਰ ਵਿੱਚ ਰਹਿੰਦੇ ਹਨ। ਇਤਿਹਾਸ ਵਿੱਚ ਆਦਮੀ ਜੋਖਮ ਭਰੇ ਕੰਮ ਕਰਨ ਅਤੇ ਇੱਥੋਂ ਤਕ ਕਿ ਆਪਣੀਆਂ ਜਾਨਾਂ ਕੁਰਬਾਨ ਕਰਨ ਲਈ ਵੀ ਤਿਆਰ ਹੋਏ ਹਨ, ਤਾਂ ਜੋ ਲੋਕ ਕਹਿਣ ਕਿ, ‘ਉਹ ਅਸਲ ਮਰਦ ਹੈ!’

ਅਨੁਵਾਦ- ਹਰਮਨਜੀਤ ਸਿੰਘ
ਵੂਮੈਨ ਸਟੱਡੀਜ ਸੈਂਟਰ, ਪੰਜਾਬੀ ਯੂਨੀਵਰਸਿਟੀ ਪਟਿਆਲਾ

Shopping Basket