The Scum of Society – Yuval Noah Harari

The Scum of Society Yuval Noah Harari

Translation by Harmanjeet Singh

ਭਾਗ – 5

ਸਮਾਜ ਦੀ ਮੈਲ। Yuval Noah Harari

ਇਕ ਹੋਰ ਸਿਧਾਂਤ ਦੱਸਦਾ ਹੈ ਕਿ ਮਰਦਾਨਾ ਪ੍ਰਭੂਸੱਤਾ ਦਾ ਜਨਮ ਸਰੀਰਕ ਤਾਕਤ ਤੋਂ ਨਹੀਂ ਬਲਕਿ ਹਮਲਾਵਰ ਭਾਵਨਾ ਕਰਕੇ ਹੁੰਦਾ ਹੈ। ਲੱਖਾਂ ਸਾਲਾਂ ਦੇ ਵਿਕਾਸ ਨੇ ਮਰਦਾਂ ਨੂੰ ਔਰਤਾਂ ਨਾਲੋਂ ਕਿਤੇ ਵੱਧ ਹਿੰਸਕ ਬਣਾ ਦਿੱਤਾ ਹੈ। ਜਿੱਥੋਂ ਤੱਕ ਨਫ਼ਰਤ, ਲਾਲਚ ਅਤੇ ਦੁਰਵਿਵਹਾਰ ਦਾ ਸੰਬੰਧ ਹੈ, ਔਰਤਾਂ ਮਰਦਾਂ ਨਾਲ ਮੇਲ ਖਾਂਦੀਆਂ ਹਨ, ਪਰ ਜਦੋਂ ਧੱਕਾ ਕਰਨ ਦੀ ਗੱਲ ਆਉਂਦੀ ਹੈ, ਆਦਮੀ ਸਰੀਰਕ ਹਿੰਸਾ ਵਿਚ ਸ਼ਾਮਲ ਹੋਣ ਲਈ ਵਧੇਰੇ ਤਿਆਰ ਹੁੰਦੇ ਹਨ। ਇਹੀ ਕਾਰਨ ਹੈ ਕਿ ਇਤਿਹਾਸ ਦੌਰਾਨ ਯੁੱਧ ਤੇ ਲੜਾਈ ਵਿੱਚ ਮਰਦਾਂ ਦਾ ਏਕਾਧਿਕਾਰ ਰਿਹਾ ਹੈ।

ਯੁੱਧ ਦੇ ਸਮੇਂ, ਮਨੁੱਖਾਂ ਦੇ ਹਥਿਆਰਬੰਦ ਸੈਨਾ ਦੇ ਨਿਯੰਤਰਣ ਨੇ ਉਨ੍ਹਾਂ ਨੂੰ ਸਿਵਿਲ ਸਮਾਜ ਦਾ ਮਾਲਕ ਬਣਾਇਆ ਹੈ। ਫਿਰ ਉਨ੍ਹਾਂ ਨੇ ਵੱਧ ਤੋਂ ਵੱਧ ਲੜਾਈਆਂ ਲੜਨ ਲਈ ਆਪਣੇ ਸਿਵਿਲ ਸਮਾਜ ਦੇ ਨਿਯੰਤਰਣ ਦੀ ਵਰਤੋਂ ਕੀਤੀ ਅਤੇ ਜਿੰਨੀ ਲੜਾਈਆਂ ਦੀ ਗਿਣਤੀ ਜ਼ਿਆਦਾ ਹੋਈ, ਸਮਾਜ ਤੇ ਵੱਧ ਤੋਂ ਵੱਧ ਮਰਦਾਂ ਦਾ ਨਿਯੰਤਰਣ ਹੁੰਦਾ ਗਿਆ। ਇਹ ਫੀਡਬੈਕ ਲੂਪ ਯੁੱਧ ਦੀ ਸਰਬਵਿਆਪਕਤਾ ਅਤੇ ਪੁਰਸ਼ ਪ੍ਰਭੂਸੱਤਾ ਦੀ ਸਰਬਵਿਆਪਕਤਾ ਦੋਨਾਂ ਨੂੰ ਦਰਸਾਉਂਦਾ ਹੈ।

ਪੁਰਸ਼ਾਂ ਅਤੇ ਔਰਤਾਂ ਦੇ ਹਾਰਮੋਨਲ ਅਤੇ ਬੌਧਿਕ ( Cognitive ) ਪ੍ਰਣਾਲੀਆਂ ਦੇ ਤਾਜ਼ਾ ਅਧਿਐਨ ਇਸ ਧਾਰਨਾ ਨੂੰ ਮਜ਼ਬੂਤ ​​ਕਰਦੇ ਹਨ ਕਿ ਅਸਲ ਵਿੱਚ ਆਦਮੀ ਵਧੇਰੇ ਹਮਲਾਵਰ ਅਤੇ ਹਿੰਸਕ ਪ੍ਰਵਿਰਤੀ ਰੱਖਦੇ ਹਨ ਅਤੇ ਇਸ ਲਈ ਸੈਨਿਕਾਂ ਵਜੋਂ ਸੇਵਾ ਕਰਨ ਲਈ ਬਿਹਤਰ ਹਨ। ਕੀ ਫਿਰ ਵੀ ਇਹ ਮੰਨਿਆ ਜਾਵੇ ਕਿ ਜਦੋਂ ਸਾਰੇ ਸਿਪਾਹੀ ਆਦਮੀ ਹਨ ਤਾਂ ਲੜਾਈ ਦਾ ਪ੍ਰਬੰਧਨ ਕਰਨ ਅਤੇ ਇਸਦੇ ਫਲ ਦਾ ਆਨੰਦ ਲੈਣ ਵਾਲੇ ਵੀ ਆਦਮੀ ਹੋਣੇ ਜ਼ਰੂਰੀ ਹਨ? ਇਹ ਕੋਈ ਅਰਥ ਨਹੀਂ ਰੱਖਦਾ। ਇਹ ਇਸ ਤਰ੍ਹਾਂ ਮੰਨਣ ਵਾਂਗ ਹੈ ਕਿ ਕਿਉਂਕਿ ਕਪਾਹ ਦੇ ਖੇਤ ਦੀ ਕਾਸ਼ਤ ਕਰਨ ਵਾਲੇ ਸਾਰੇ ਗੁਲਾਮ ਕਾਲੇ ਹਨ, ਇਸ ਲਈ ਫਸਲ ਦੇ ਮਾਲਕ ਵੀ ਕਾਲੇ ਹੋਣਗੇ। ਜਿਵੇਂ ਕਿ ਇੱਕ ਕਾਲੇ ਰੰਗ ਦੇ ਗੁਲਾਮ ਮਜ਼ਦੂਰਾਂ ਨੂੰ ਇੱਕ ਗੋਰੇ ਲੋਕਾਂ ਦੇ ਪ੍ਰਬੰਧ ਦੁਆਰਾ ਨਿਯੰਤਰਿਤ ਕੀਤਾ ਜਾ ਸਕਦਾ ਹੈ ਤਾਂ ਇੱਕ ਮਰਦ ਸੈਨਿਕਾਂ ਦੀ ਫੌਜ ਨੂੰ ਇੱਕ ਔਰਤ ਜਾਂ ਅਜਿਹੀ ਸਰਕਾਰ ਜਿਸ ਵਿੱਚ ਔਰਤਾਂ ਦੀ ਹਿੱਸੇਦਾਰੀ ਹੋਵੇ ਦੁਆਰਾ ਨਿਯੰਤਰਣ ਕਿਉਂ ਨਹੀਂ ਕੀਤਾ ਜਾ ਸਕਦਾ? ਦਰਅਸਲ, ਇਤਿਹਾਸ ਦੌਰਾਨ ਅਨੇਕਾਂ ਸਮਾਜਾਂ ਵਿਚ, ਸਿਖਰ ਦੇ ਅਧਿਕਾਰੀ ਹੇਠਲੇ ਅਹੁਦਿਆਂ ਤੋ ਤਰੱਕੀ ਪਾ ਕੇ ਉੱਪਰ ਵਾਲੇ ਅਹੁਦਿਆਂ ਤੱਕ ਨਹੀਂ ਪਹੁੰਚਦੇ ਸਨ। ਕੁਲੀਨ, ਅਮੀਰ ਅਤੇ ਪੜ੍ਹੇ-ਲਿਖਿਆ ਨੂੰ ਉੱਚ ਅਧਿਕਾਰੀਆਂ ਦੇ ਪਦ ਤੇ ਨਿਯੁਕਤ ਕੀਤਾ ਜਾਂਦਾ ਸੀ ਅਤੇ ਉਹਨਾਂ ਹੇਠਲੇ ਅਹੁਦਿਆਂ ਤੇ ਕਦੀ ਇੱਕ ਦਿਨ ਦੀ ਸੇਵਾ ਨਹੀਂ ਕੀਤੀ ਹੁੰਦੀ ਸੀ।

ਜਦੋਂ ਅਠਾਰਾਂ ਸਾਲਾਂ ਦੀ ਉਮਰ ਵਿੱਚ ਨੈਪੋਲੀਅਨ ਦੇ ਪ੍ਰਤੀਦਵੰਦੀ ਵਜੋ ਡਿਊਕ ਆਫ ਵੈਲਿੰਗਟਨ ਨੂੰ ਬ੍ਰਿਟਿਸ਼ ਫੌਜ ਵਿੱਚ ਭਰਤੀ ਕੀਤਾ ਗਿਆ, ਤਾਂ ਉਸਨੂੰ ਇੱਕ ਅਫ਼ਸਰ ਦੇ ਤੌਰ ਤੇ ਨਿਯੁਕਤ ਕਰ ਦਿੱਤਾ ਗਿਆ। ਉਸ ਸਮੇਂ ਉਸਦੀ ਕਮਾਂਡ ਦੇ ਅਧੀਨ ਸਾਧਾਰਨ ਸੈਨਿਕਾਂ ਬਾਰੇ ਨਹੀਂ ਸੋਚਿਆ ਗਿਆ। ‘ਅਸੀ ਧਰਤੀ ਦੀ ਮੈਲ ਵਰਗੇ ਆਮ ਸੈਨਿਕਾਂ ਵਜੋ ਸੇਵਾ ਕਰ ਰਹੇ ਹਾਂ’, ਉਸਨੇ ਫਰਾਂਸ ਖ਼ਿਲਾਫ਼ ਯੁੱਧ ਦੌਰਾਨ ਇੱਕ ਕੁਲੀਨ ਸਾਥੀ ਨੂੰ ਲਿਖਿਆ। ਇਹ ਆਮ ਸੈਨਿਕ ਆਮ ਤੌਰ ‘ਤੇ ਬਹੁਤ ਗਰੀਬਾਂ ਵਿਚੋਂ, ਜਾਂ ਨਸਲੀ ਘੱਟ ਗਿਣਤੀਆਂ (ਜਿਵੇਂ ਕਿ ਆਇਰਿਸ਼ ਕੈਥੋਲਿਕ) ਤੋਂ ਭਰਤੀ ਕੀਤੇ ਜਾਂਦੇ ਸਨ। ਉਨ੍ਹਾਂ ਦੇ ਲਈ ਉਚ ਫੌਜੀ ਅਹੁਦਿਆਂ ‘ਤੇ ਪਹੁੰਚਣ ਦੀਆਂ ਸੰਭਾਵਨਾਵਾਂ ਨਾ-ਮਾਤਰ ਸਨ। ਸੀਨੀਅਰ ਅਹੁਦੇ ਡਿਊਕਾਂ, ਰਾਜਕੁਮਾਰਾਂ ਅਤੇ ਰਾਜਿਆਂ ਲਈ ਰਾਖਵੇਂ ਸਨ। ਪਰ ਸਿਰਫ ਡਯੂਕਸ ਲਈ ਹੀ ਕਿਉਂ, ਡਚਸਿਸ ਲਈ ਕਿਉਂ ਨਹੀਂ ?

ਅਫਰੀਕਾ ਵਿਚ ਫਰਾਂਸੀਸੀ ਸਾਮਰਾਜ ਦੀ ਸਥਾਪਨਾ ਅਤੇ ਰੱਖਿਆ ਸੇਨੇਗਲੀਜ਼, ਅਲਜੀਰੀਆ ਅਤੇ ਮਜ਼ਦੂਰ-ਸ਼੍ਰੇਣੀ ਦੇ ਫਰਾਂਸੀਸੀਆਂ ਨੇ ਆਪਣੇ ਖੂਨ – ਪਸੀਨੇ ਨਾਲ ਕੀਤੀ। ਇਸ ਦਰਜਾਬੰਦੀ ਦੇ ਅੰਦਰ ਚੰਗੇ ਪਰਿਵਾਰਾਂ ਵਿੱਚ ਪੈਦਾ ਹੋਏ ਫਰਾਂਸੀਸੀਆਂ ਦੀ ਪ੍ਰਤੀਸ਼ਤਤਾ ਨਾ-ਮਾਤਰ ਸੀ। ਪਰ ਛੋਟੇ ਕੁਲੀਨ ਵਰਗ ਵਿਚ ਚੰਗੇ ਪਰਿਵਾਰਾਂ ਵਿੱਚ ਪੈਦਾ ਹੋਏ ਫਰਾਂਸੀਸੀਆਂ ਦੀ ਪ੍ਰਤੀਸ਼ਤਤਾ ਜਿਸ ਨੇ ਫਰਾਂਸੀਸੀ ਫੌਜ ਦੀ ਅਗਵਾਈ ਕੀਤੀ, ਸਾਮਰਾਜ ਉੱਤੇ ਰਾਜ ਕੀਤਾ ਅਤੇ ਇਸਦੇ ਫਲ ਦਾ ਅਨੰਦ ਲਿਆ ਬਹੁਤ ਵੱਡੀ ਸੀ। ਸਿਰਫ ਫਰਾਂਸੀਸੀ ਆਦਮੀ ਹੀ ਕਿਉਂ, ਅਤੇ ਫਰਾਂਸੀਸੀ ਔਰਤਾਂ ਕਿਉਂ ਨਹੀਂ?

ਚੀਨ ਵਿਚ ਫ਼ੌਜ ਨੂੰ ਸਿਵਲੀਅਨ ਅਫਸਰਸ਼ਾਹੀ ਦੇ ਅਧੀਨ ਰੱਖਣ ਦੀ ਲੰਮੀ ਪਰੰਪਰਾ ਸੀ, ਇਸ ਲਈ ਮੰਡਰੀਨ ਜਿਨ੍ਹਾਂ ਨੇ ਕਦੇ ਤਲਵਾਰ ਨਹੀਂ ਚੱਕੀ ਸੀ ਅਕਸਰ ਲੜਾਈਆਂ ਕਰਵਾਉਂਦੇ ਸਨ। ‘ਤੁਸੀਂ ਕਿੱਲ ਬਣਾਉਣ ਲਈ ਵਧੀਆ ਲੋਹਾ ਬਰਬਾਦ ਨਹੀਂ ਕਰ ਸਕਦੇ,’ ਇਕ ਆਮ ਚੀਨੀ ਕਹਾਵਤ ਹੈ, ਜਿਸਦਾ ਅਰਥ ਹੈ ਕਿ ਅਸਲ ਵਿੱਚ ਪ੍ਰਤਿਭਾਵਾਨ ਲੋਕ ਫੌਜ ਵਿੱਚ ਨਹੀਂ, ਸਿਵਲ ਅਫਸਰਸ਼ਾਹੀ ਵਿੱਚ ਸ਼ਾਮਲ ਹੁੰਦੇ ਹਨ। ਤਾਂ ਫਿਰ, ਇਹ ਸਾਰੇ ਮੰਡਰੀਨ ਆਦਮੀ ਕਿਉਂ ਸਨ?

ਕੋਈ ਇਹ ਇਹ ਦਲੀਲ ਨਹੀਂ ਦੇ ਸਕਦਾ ਕਿ ਉਨ੍ਹਾਂ ਦੀ ਸਰੀਰਕ ਕਮਜ਼ੋਰੀ ਜਾਂ ਘੱਟ ਟੈਸਟੋਸਟੀਰੋਨ ਦੇ ਪੱਧਰ ਔਰਤਾਂ ਨੂੰ ਸਫਲ ਮੰਡਰੀਨ, ਜਰਨੈਲ ਅਤੇ ਰਾਜਨੇਤਾ ਬਣਨ ਤੋਂ ਰੋਕਦੇ ਹਨ। ਯੁੱਧ ਦਾ ਪ੍ਰਬੰਧਨ ਕਰਨ ਲਈ, ਤੁਹਾਨੂੰ ਨਿਸ਼ਚਤ ਤੌਰ ਤੇ ਸਰੀਰਕ ਤਾਕਤ ਦੀ ਜ਼ਰੂਰਤ ਹੈ, ਪਰ ਜ਼ਿਆਦਾ ਸਰੀਰਕ ਤਾਕਤ ਜਾਂ ਹਮਲਾਵਰ ਭਾਵਨਾ ਨਹੀ। ਯੁੱਧ ਕੋਈ ਪੱਬ ਦਾ ਝਗੜਾ ਨਹੀ ਹਨ। ਇਹ ਬਹੁਤ ਹੀ ਗੁੰਝਲਦਾਰ ਕਾਰਜ ਹਨ ਜਿਨ੍ਹਾਂ ਲਈ ਸੰਗਠਨ, ਸਹਿਯੋਗ ਅਤੇ ਸਸਮਝੌਤੇ ਦੀ ਇੱਕ ਅਸਧਾਰਨ ਪ੍ਰਤਿਭਾ ਦੀ ਜ਼ਰੂਰਤ ਹੈ। ਦੇਸ਼ ਵਿਚ ਸ਼ਾਂਤੀ ਬਣਾਈ ਰੱਖਣਾ, ਵਿਦੇਸ਼ਾਂ ਵਿਚ ਸਹਿਯੋਗੀ ਹੋਣਾਂ ਅਤੇ ਦੂਸਰੇ ਲੋਕਾਂ (ਖ਼ਾਸਕਰ ਤੁਹਾਡੇ ਦੁਸ਼ਮਣਾਂ) ਦੇ ਦਿਮਾਗ ਨੂੰ ਸਮਝਣ ਦੀ ਯੋਗਤਾ ਆਮ ਤੌਰ ‘ਤੇ ਜਿੱਤ ਦੀ ਕੁੰਜੀ ਹੁੰਦੀ ਹੈ। ਇਸ ਲਈ ਲੜਾਈ ਚਲਾਉਣ ਵਾਸਤੇ ਹਮਲਾਵਰ ਤੇ ਨਿਰਦਈ ਵਿਅਕਤੀ ਅਕਸਰ ਸਭ ਤੋਂ ਭੈੜੀ ਚੋਣ ਹੁੰਦੇ ਹਨ। ਇੱਕ ਸਹਿਯੋਗ ਕਰਨ ਵਾਲਾ ਵਿਅਕਤੀ ਬਹੁਤ ਵਧੀਆ ਹੁੰਦਾ ਹੈ ਜੋ ਜਾਣਦਾ ਹੈ ਕਿ ਕਿਵੇਂ ਸਮਝੌਤਾ ਕਰਨਾ ਹੈ, ਕਿਵੇਂ ਹੇਰਾਫੇਰੀ ਕਰਨੀ ਹੈ ਅਤੇ ਕਿਵੇਂ ਚੀਜ਼ਾਂ ਨੂੰ ਵੱਖੋ ਵੱਖਰੇ ਦ੍ਰਿਸ਼ਟੀਕੋਣਾਂ ਤੋਂ ਕਿਵੇਂ ਵੇਖਣਾ ਹੈ। ਸਾਮਰਾਜ ਨਿਰਮਾਤਾ ਅਜਿਹੀ ਮਿੱਟੀ ਤੋਂ ਬਣਦੇ ਹਨ। ਫੌਜੀ ਤੌਰ ਤੇ ਅਯੋਗ ਅਗਸਟਸ ਇਕ ਸਥਿਰ ਸ਼ਾਹੀ ਸ਼ਾਸਨ ਸਥਾਪਤ ਕਰਨ ਵਿਚ ਸਫਲ ਹੋਇਆ, ਜੂਲੀਅਸ ਸੀਜ਼ਰ ਅਤੇ ਮਹਾਨ ਸਿਕੰਦਰ, ਜੋ ਕਿ ਬਿਹਤਰ ਜਰਨੈਲ ਸਨ, ਇਸ ਨੂੰ ਪ੍ਰਾਪਤ ਨਹੀਂ ਕਰ ਸਕੇ। ਸਮਕਾਲੀ ਅਤੇ ਆਧੁਨਿਕ ਇਤਿਹਾਸਕਾਰ ਅਕਸਰ ਇਸ ਕਾਰਨਾਮੇ ਨੂੰ ਉਸਦੀ ਬੁੱਧੀ ਦੇ ਗੁਣ – ਦਇਆ ਅਤੇ ਨਰਮਾਈ ਨਾਲ ਜੋੜਦੇ ਹਨ।

ਔਰਤਾਂ ਅਕਸਰ ਮਰਦਾਂ ਨਾਲੋਂ ਬਿਹਤਰ ਹੇਰਾਫੇਰੀ ਕਰਨ, ਸੰਧੀ- ਸਮਝੌਤਾ ਕਰਨ ਵਾਲੇ ਦੇ ਰੂਪ ਵਿੱਚ ਅਤੇ ਵੱਖੋ ਵੱਖਰੇ ਨਜ਼ਰੀਏ ਤੋਂ ਚੀਜ਼ਾਂ ਨੂੰ ਵੇਖਣ ਦੀ ਯੋਗਤਾ ਲਈ ਪ੍ਰਸਿੱਧ ਹਨ। ਜੇ ਇਨ੍ਹਾਂ ਧਾਰਨਾਵਾਂ ਵਿਚ ਕੋਈ ਸਚਾਈ ਹੈ, ਤਾਂ ਔਰਤਾਂ ਨੂੰ ਸ਼ਾਨਦਾਰ ਰਾਜਨੇਤਾ ਅਤੇ ਸਾਮਰਾਜ-ਨਿਰਮਾਤਾ ਹੋਣਾ ਚਾਹੀਦਾ ਸੀ, ਜੰਗ ਦੇ ਮੈਦਾਨਾਂ ਵਿਚ ਖੂਨ ਖਰਾਬੇ ਦੇ ਕੰਮ ਨੂੰ ਟੇਸਟੋਸਟ੍ਰੋਨ-ਚਾਰਜਡ, ਪਰ ਸਧਾਰਣ ਸੋਚ ਵਾਲੇ ਮਰਦਾਂ ਤੇ ਛੱਡ ਦੇਣਾ ਚਾਹੀਦਾ ਸੀ। ਪ੍ਰਸਿੱਧ ਮਿੱਥ ਕਥਾਵਾਂ ਤੋ ਬਿਨਾਂ, ਅਸਲ ਦੁਨੀਆਂ ਵਿੱਚ ਸ਼ਾਇਦ ਹੀ ਇਹ ਹੋਇਆ ਹੋਵੇ। ਇਹ ਬਿਲਕੁਲ ਸਪੱਸ਼ਟ ਨਹੀਂ ਹੈ ਕਿ ਅਜਿਹਾ ਕਿਉਂ ਨਹੀਂ ਹੋਇਆ।

ਅਨੁਵਾਦ ਹਰਮਨਜੀਤ ਸਿੰਘ 

ਵੂਮੈਨ ਸਟੱਡੀਜ ਸੈਂਟਰ ਪੰਜਾਬੀ ਯੂਨੀਵਰਸਿਟੀ ਪਟਿਆਲਾ ।

Shopping Basket